Headlines

15 ਕਰੋੜ ਦਾ ਕਾਰੋਬਾਰ ਛੱਡ ਸੰਨਿਆਸ ਲਵੇਗਾ ਪੂਰਾ ਪਰਿਵਾਰ, ਪਤੀ-ਪਤਨੀ ਸਮੇਤ ਦੋ ਧੀਆਂ ਵੀ ਲੈਣਗੀਆਂ ਜੈਨ ਦੀਖਿਆ


ਰਾਜਸਥਾਨ ਦੇ ਇੱਕ ਪਰਿਵਾਰ ਨੇ ਅਜਿਹਾ ਫੈਸਲਾ ਲਿਆ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਕਈ ਸਾਲਾਂ ਦੀ ਮਿਹਨਤ ਨਾਲ ਕਰੋੜਾਂ ਰੁਪਏ ਦਾ ਕਾਰੋਬਾਰ ਖੜ੍ਹਾ ਕਰਨ ਵਾਲਾ ਇਹ ਪਰਿਵਾਰ ਹੁਣ ਦੁਨਿਆਵੀ ਸੁੱਖ-ਸਹੂਲਤਾਂ ਅਤੇ ਕਾਰੋਬਾਰ ਛੱਡ ਕੇ ਧਾਰਮਿਕ ਜੀਵਨ ਅਪਣਾਉਣ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ, ਦਲੀਪ ਭਾਈ ਠੇਗਰ (47), ਉਨ੍ਹਾਂ ਦੀ ਪਤਨੀ ਜੋਤੀ ਬੇਨ (45) ਅਤੇ ਦੋ ਧੀਆਂ ਫਲਵੀ (22) ਤੇ ਚਾਰਵੀ (14) ਆਉਣ ਵਾਲੀ 8 ਫਰਵਰੀ 2027 ਨੂੰ ਸੂਰਤ ਵਿਖੇ ਜੈਨ ਧਰਮ ਦੀ ਦੀਖਿਆ ਲੈਣਗੇ। ਇਸ ਪਰਿਵਾਰ ਦਾ ਕੱਪੜਿਆਂ ਦਾ ਕਾਰੋਬਾਰ ਹੈ, ਜਿਸ ਦਾ ਸਾਲਾਨਾ ਟਰਨਓਵਰ ਲਗਭਗ 15 ਕਰੋੜ ਰੁਪਏ ਦੱਸਿਆ ਜਾਂਦਾ ਹੈ। ਪਰਿਵਾਰ ਦੀ ਇੱਕ ਹੋਰ ਧੀ ਵੀ ਸਾਲ 2023 ਵਿੱਚ ਜੈਨ ਦੀਖਿਆ ਲੈ ਚੁੱਕੀ ਹੈ ਅਤੇ ਹੁਣ ਉਹ ਸਾਧਵੀ ਦਰਸ਼ਿਤਾ ਦੇ ਨਾਂ ਨਾਲ ਜਾਣੀ ਜਾਂਦੀ ਹੈ।

ਛੋਟੀ ਦੁਕਾਨ ਤੋਂ ਸ਼ੁਰੂ ਕੀਤਾ ਸੀ ਕਾਰੋਬਾਰ

ਦਲੀਪ ਭਾਈ ਮੂਲ ਰੂਪ ਵਿੱਚ ਉਦੈਪੁਰ ਜ਼ਿਲ੍ਹੇ ਦੇ ਜਸਵੰਤਗੜ੍ਹ ਪਿੰਡ ਨਾਲ ਸਬੰਧਤ ਹਨ। ਉਹ ਰੋਜ਼ਗਾਰ ਦੀ ਭਾਲ ਵਿੱਚ ਸੂਰਤ ਆਏ ਸਨ, ਜਿੱਥੇ ਉਨ੍ਹਾਂ ਨੇ ਇੱਕ ਛੋਟੀ ਜਿਹੀ ਦੁਕਾਨ ਤੋਂ ਕੱਪੜੇ ਵੇਚਣ ਦਾ ਕੰਮ ਸ਼ੁਰੂ ਕੀਤਾ। ਸਮੇਂ ਦੇ ਨਾਲ ਉਨ੍ਹਾਂ ਦਾ ਕਾਰੋਬਾਰ ਵਧਦਾ ਗਿਆ। ਉਨ੍ਹਾਂ ਨੇ ਹੋਰ ਦੁਕਾਨਾਂ ਖੋਲ੍ਹੀਆਂ ਅਤੇ ਕਾਰੋਬਾਰ ਨੂੰ ਵੱਡੇ ਪੱਧਰ ਤੱਕ ਪਹੁੰਚਾਇਆ।

ਪਰਿਵਾਰ ਦੀ ਜ਼ਿੰਦਗੀ ਵਿੱਚ ਮੋੜ ਉਸ ਸਮੇਂ ਆਇਆ ਜਦੋਂ ਉਨ੍ਹਾਂ ਦੀ ਮੁਲਾਕਾਤ ਇੱਕ ਜੈਨ ਆਚਾਰੀਆ ਨਾਲ ਹੋਈ। ਇਸ ਮੁਲਾਕਾਤ ਤੋਂ ਬਾਅਦ ਜੈਨ ਧਰਮ ਅਤੇ ਅਧਿਆਤਮਿਕ ਜੀਵਨ ਪ੍ਰਤੀ ਉਨ੍ਹਾਂ ਦੀ ਰੁਚੀ ਹੋਰ ਵਧ ਗਈ। ਹੌਲੀ-ਹੌਲੀ ਉਨ੍ਹਾਂ ਨੇ ਸੰਨਿਆਸ ਲੈਣ ਬਾਰੇ ਗੰਭੀਰਤਾ ਨਾਲ ਸੋਚਣਾ ਸ਼ੁਰੂ ਕਰ ਦਿੱਤਾ।

ਪਹਿਲਾਂ ਧੀ ਨੇ ਲਿਆ ਸੀ ਸੰਨਿਆਸ ਦਾ ਰਾਹ

ਸਾਲ 2023 ਵਿੱਚ ਪਰਿਵਾਰ ਦੀ ਇੱਕ ਧੀ ਵੱਲੋਂ ਜੈਨ ਦੀਖਿਆ ਲੈਣ ਤੋਂ ਬਾਅਦ ਦਲੀਪ ਭਾਈ ਨੇ ਵੀ ਆਪਣਾ ਕਾਰੋਬਾਰ ਸਮੇਟਣ ਅਤੇ ਧਾਰਮਿਕ ਜੀਵਨ ਵੱਲ ਜਾਣ ਦਾ ਫੈਸਲਾ ਕੀਤਾ। ਪਰਿਵਾਰ ਦੀਆਂ ਹੋਰ ਮੈਂਬਰਾਂ ਨੇ ਵੀ ਇਸ ਰਾਹ ਨੂੰ ਅਪਣਾਉਣ ਦੀ ਸਹਿਮਤੀ ਦਿੱਤੀ।

ਪਰਿਵਾਰ ਦੀ ਧੀ ਫਲਵੀ ਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਹੈ ਅਤੇ ਕਲਾ ਦੇ ਖੇਤਰ ਵਿੱਚ ਵੀ ਰੁਚੀ ਰੱਖਦੀ ਹੈ। ਉਸ ਨੇ ਗ੍ਰਾਫਿਕ ਡਿਜ਼ਾਈਨਿੰਗ ਦੀ ਸਿਖਲਾਈ ਵੀ ਹਾਸਲ ਕੀਤੀ ਹੈ। ਪਰਿਵਾਰ ਵੱਲੋਂ ਕਾਰੋਬਾਰ ਅਤੇ ਆਰਥਿਕ ਸੁੱਖ-ਸਹੂਲਤਾਂ ਛੱਡ ਕੇ ਸੰਨਿਆਸ ਦਾ ਰਾਹ ਚੁਣਨਾ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਜ਼ਿੰਦਗੀ ਦੀਆਂ ਸਹੂਲਤਾਂ ਛੱਡ ਕੇ ਅਧਿਆਤਮਿਕ ਰਾਹ ਦੀ ਚੋਣ

ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਨੇ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਹੈ। ਹੁਣ ਪਰਿਵਾਰ ਦੇ ਚਾਰ ਮੈਂਬਰ 8 ਫਰਵਰੀ 2027 ਨੂੰ ਸੂਰਤ ਵਿੱਚ ਜੈਨ ਦੀਖਿਆ ਲੈਣਗੇ। ਕਰੋੜਾਂ ਦਾ ਕਾਰੋਬਾਰ ਹੋਣ ਦੇ ਬਾਵਜੂਦ ਸੰਨਿਆਸ ਦਾ ਰਾਹ ਚੁਣਨ ਵਾਲੇ ਇਸ ਪਰਿਵਾਰ ਦੀ ਕਹਾਣੀ ਲੋਕਾਂ ਦਾ ਧਿਆਨ ਖਿੱਚ ਰਹੀ ਹੈ।

Leave a Reply

Your email address will not be published. Required fields are marked *