ਗੁਰਦਾਸਪੁਰ–ਮੁਕੇਰੀਆਂ ਮੁੱਖ ਮਾਰਗ ‘ਤੇ ਸਥਿਤ ਪੁਰਾਣਾ ਸ਼ਾਲਾ ਚੌਂਕ ਵਿਖੇ ਇਕ ਸੁਨਿਆਰੇ ਦੀ ਦੁਕਾਨ ‘ਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਅਣਪਛਾਤੇ ਵਿਅਕਤੀਆਂ ਵੱਲੋਂ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਤਾਇਨਾਤ ਚੌਂਕੀਦਾਰ ਨੂੰ ਕਾਬੂ ਕਰਕੇ ਇਕ ਗੱਟਰ ਵਿਚ ਸੁੱਟ ਦਿੱਤਾ ਗਿਆ।
ਦੁਕਾਨ ਵਿਚੋਂ ਲਗਭਗ ਸਾਢੇ ਤਿੰਨ ਕਿੱਲੋ ਚਾਂਦੀ, 12 ਮੁੰਦਰੀਆਂ, ਢਾਈ ਤੋਲੇ ਸੋਨਾ, ਬੱਚਿਆਂ ਦੀਆਂ 10 ਮੁੰਦਰੀਆਂ ਅਤੇ ਕਰੀਬ 23 ਹਜ਼ਾਰ ਰੁਪਏ ਨਗਦੀ ਗਾਇਬ ਪਾਈ ਗਈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਚਾਹਤ ਜਿਊਲਰਜ਼ ਦੇ ਮਾਲਕ ਵਿਨੋਦ ਕੁਮਾਰ ਉਰਫ ਲਾਡੀ ਵਾਸੀ ਸੈਦੋਵਾਲ ਕਲਾਂ ਨੇ ਦੱਸਿਆ ਕਿ ਉਹ ਰਾਤ ਕਰੀਬ 8 ਵਜੇ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਰਾਤ 12 ਵਜੇ ਦੇ ਕਰੀਬ ਮੋਬਾਇਲ ‘ਤੇ ਸੁਰੱਖਿਆ ਸੈਂਸਰ ਦਾ ਅਲਾਰਮ ਆਉਣ ਤੋਂ ਬਾਅਦ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਚੈਕ ਕੀਤੀ, ਜਿਸ ‘ਚ ਸ਼ਟਰ ਨਾਲ ਛੇੜਛਾੜ ਦੀ ਆਵਾਜ਼ ਸੁਣਾਈ ਦਿੱਤੀ।
ਦੁਕਾਨ ‘ਤੇ ਪਹੁੰਚਣ ‘ਤੇ ਤਾਲੇ ਅਤੇ ਸ਼ੀਸ਼ੇ ਟੁੱਟੇ ਹੋਏ ਸਨ ਅਤੇ ਅੰਦਰ ਸਾਮਾਨ ਖਿਲਰਿਆ ਹੋਇਆ ਮਿਲਿਆ। ਉਨ੍ਹਾਂ ਦੱਸਿਆ ਕਿ ਘਟਨਾ ਦੌਰਾਨ ਕੁਝ ਕੀਮਤੀ ਸਮਾਨ ਸੁਰੱਖਿਅਤ ਰਹਿ ਗਿਆ, ਪਰ ਚੋਰ ਡੀਵੀਆਰ ਆਪਣੇ ਨਾਲ ਲੈ ਗਏ। ਜਿੱਥੇ ਚੌਂਕੀਦਾਰ ਨੂੰ ਛੱਡਿਆ ਗਿਆ ਸੀ, ਉੱਥੋਂ ਖਾਲੀ ਡੱਬੇ ਵੀ ਮਿਲੇ ਹਨ।
ਇਲਾਕੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵੀ ਇੱਥੇ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ, ਜਿਨ੍ਹਾਂ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ। ਇਸ ਸਬੰਧੀ ਥਾਣਾ ਮੁਖੀ ਸੁਰਿੰਦਰ ਪਾਲ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਨੇੜਲੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦ ਹੀ ਦੋਸ਼ੀਆਂ ਤੱਕ ਪਹੁੰਚ ਕੀਤੀ ਜਾਵੇਗੀ।
ਗੁਰਦਾਸਪੁਰ ਪੁਰਾਣਾ ਸ਼ਾਲਾ ਚੌਂਕੀਦਾਰ ਨੂੰ ਗੱਟਰ ਚ ਸੁੱਟ ਗਏ ਚੋਰ ਤੇ ਫਿਰ ਲੁੱਟੇ