ਪਹਿਲਗਾਮ ‘ਚ ਹੋਇਆ ਕਹਿਰ: 26 ਬੇਗੁਨਾਹ ਲੋਕਾਂ ਦੀ ਜਾਨ ਲੈ ਗਿਆ ਦਰਿੰਦਗੀ ਭਰਿਆ ਅੱਤਵਾਦੀ ਹਮਲਾ
ਜੰਮੂ ਕਸ਼ਮੀਰ ਦੀ ਸੁੰਦਰ ਵਾਦੀ ਪਹਿਲਗਾਮ, ਜੋ ਸਦਾ ਆਪਣੀ ਖੂਬਸੂਰਤੀ, ਸ਼ਾਂਤੀ ਅਤੇ ਕੁਦਰਤੀ ਨਜ਼ਾਰਿਆਂ ਲਈ ਮਸ਼ਹੂਰ ਰਹੀ ਹੈ, ਮੰਗਲਵਾਰ ਨੂੰ ਅਚਾਨਕ ਗੋਲੀਬਾਰੀ ਦੀਆਂ ਗੂੰਜਦੀਆਂ ਆਵਾਜ਼ਾਂ ਨਾਲ ਕੰਬ ਗਈ। ਦੁਪਹਿਰ ਲੱਗਭਗ 2.30 ਵਜੇ, ਜਦੋਂ ਬੈਸਰਨ ਘਾਟੀ ਵਿਚ ਸੈਲਾਨੀ ਆਪਣੇ ਪਰਿਵਾਰਾਂ ਨਾਲ ਛੁੱਟੀਆਂ ਮਨਾਉਣ ਆਏ ਹੋਏ ਸਨ, ਤਦ ਇੱਕ ਅਚਾਨਕ ਅੱਤਵਾਦੀ ਹਮਲੇ ਨੇ ਇਸ ਖੁਸ਼ੀ ਭਰੇ ਮਾਹੌਲ ਨੂੰ ਕਾਲੀ ਘੜੀ ‘ਚ ਬਦਲ ਦਿੱਤਾ।
ਇਸ ਹਮਲੇ ‘ਚ 26 ਨਿਰਦੋਸ਼ ਲੋਕਾਂ ਦੀ ਜਾਨ ਚਲੀ ਗਈ। ਕਈ ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ। ਜ਼ਖ਼ਮ ਸਿਰਫ ਸਰੀਰਾਂ ‘ਤੇ ਨਹੀਂ ਲੱਗੇ, ਪਰ ਲੱਖਾਂ ਲੋਕਾਂ ਦੇ ਦਿਲਾਂ ਨੂੰ ਵੀ ਛੱਲਣੀ ਕਰ ਗਏ। ਕਈ ਪਰਿਵਾਰ ਇਨ੍ਹਾਂ ਹਮਲਿਆਂ ‘ਚ ਆਪਣਾ ਸਹਾਰਾ ਗੁਆ ਬੈਠੇ — ਕੋਈ ਪਿਤਾ ਸੀ, ਕੋਈ ਧੀ, ਕੋਈ ਪਤੀ ਜਾਂ ਮਾਂ — ਜੋ ਸਿਰਫ ਖੁਸ਼ੀਆਂ ਲੈਣ ਆਏ ਸਨ, ਪਰ ਵਾਪਸ ਜਾਣ ਦੀ ਵਾਰੀ ਹੀ ਨਾ ਆਈ।
ਬੈਸਰਨ ਘਾਟੀ, ਜਿਸਨੂੰ ਲੋਕ ਪਿਆਰ ਨਾਲ ‘ਮਿੰਨੀ ਸਵਿਟਜ਼ਰਲੈਂਡ’ ਕਹਿੰਦੇ ਹਨ, ਹੁਣ ਉਹੀ ਸਥਾਨ ਦਰਦ ਭਰੀ ਯਾਦਾਂ ਨਾਲ ਜੋੜ ਦਿੱਤਾ ਗਿਆ ਹੈ। ਸੈਲਾਨੀ, ਜੋ ਕਦੇ ਸੈਲਫੀਆਂ ਖਿੱਚ ਰਹੇ ਸਨ, ਉਹੋ ਜਾਅ ਹੀ ਲੋਕ ਕਾਲੀਆਂ ਸੁਰਖੀਆਂ ਦਾ ਹਿੱਸਾ ਬਣ ਗਏ।
ਹਮਲੇ ਤੋਂ ਬਾਅਦ ਸੁਰੱਖਿਆ ਬਲ ਤੁਰੰਤ ਐਕਸ਼ਨ ‘ਚ ਆਏ। ਫ਼ੌਜ, ਸੀਆਰਪੀਐੱਫ ਅਤੇ ਜੰਮੂ-ਕਸ਼ਮੀਰ ਪੁਲਸ ਨੇ ਇਲਾਕੇ ਨੂੰ ਘੇਰ ਲਿਆ ਤੇ ਜੰਗਲਾਂ ਵਿਚ ਵੱਡਾ ਸਰਚ ਓਪਰੇਸ਼ਨ ਸ਼ੁਰੂ ਕਰ ਦਿੱਤਾ। ਡਰੋਨ ਤੇ ਹੈਲੀਕਾਪਟਰਾਂ ਰਾਹੀਂ ਉੱਚਾਈ ਵਾਲੀਆਂ ਥਾਵਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ, ਤਾਂ ਜੋ ਹਮਲੇ ਦੇ ਜ਼ਿੰਮੇਵਾਰਾਂ ਨੂੰ ਜਲਦ ਤੋਂ ਜਲਦ ਪਕੜਿਆ ਜਾ ਸਕੇ।
ਹੁਣ ਜਾਂਚ ਏਜੰਸੀਆਂ ਵਲੋਂ ਹਮਲਾਵਰਾਂ ਦੀ ਤਸਵੀਰ ਵੀ ਸਾਹਮਣੇ ਆ ਚੁੱਕੀ ਹੈ — ਉਹ ਦਰਿੰਦਿਆਂ ਵਾਲੀ ਅਸਲ ਸ਼ਕਲ, ਜਿਨ੍ਹਾਂ ਨੇ ਬੇਕਸੂਰਾਂ ‘ਤੇ ਗੋਲੀਆਂ ਚਲਾਈਆਂ। ਇਹਨਾਂ ਦੀ ਪਛਾਣ ਲਈ ਲੋਕਾਂ ਦੀ ਸਹਾਇਤਾ ਵੀ ਮੰਗੀ ਜਾ ਰਹੀ ਹੈ।
ਇਹ ਹਮਲਾ ਸਿਰਫ ਕਈ ਪਰਿਵਾਰਾਂ ਲਈ ਹੀ ਨਹੀਂ, ਸਗੋਂ ਪੂਰੇ ਦੇਸ਼ ਲਈ ਇੱਕ ਵੱਡਾ ਸਵਾਲ ਹੈ — ਕੀ ਸਾਨੂੰ ਇੰਨੀ ਵੀ ਆਜ਼ਾਦੀ ਨਹੀਂ ਕਿ ਅਸੀਂ ਖੁਸ਼ੀਆਂ ਮਨਾਉਣ ਕਿਸੇ ਵਾਦੀ ‘ਚ ਜਾ ਸਕੀਏ?
ਹੁਣ ਸਮਾਂ ਆ ਗਿਆ ਹੈ ਕਿ ਅਜਿਹੀਆਂ ਕਰਤੂਤਾਂ ਦੇ ਪਿੱਛੇ ਲੁਕੇ ਚਿਹਰਿਆਂ ਨੂੰ ਬੇਨਕਾਬ ਕੀਤਾ ਜਾਵੇ। ਜਿਨ੍ਹਾਂ ਦੀ ਗੋਲੀਆਂ ਨੇ ਖੁਸ਼ੀ ਨੂੰ ਦੁੱਖ, ਤਸਵੀਰਾਂ ਨੂੰ ਆਹ ਭਰੀਆਂ ਯਾਦਾਂ ‘ਚ ਬਦਲ ਦਿੱਤਾ — ਉਹ ਦਰਿੰਦੇ ਕਦੇ ਵੀ ਬਖ਼ਸ਼ੇ ਨਹੀਂ ਜਾਣੇ ਚਾਹੀਦੇ।
“ਗੌਰ ਨਾਲ ਵੇਖੋ… ਇਹ ਹਨ ਪਹਿਲਗਾਮ ਹਮਲੇ ਦੇ ਜ਼ਿੰਮੇਵਾਰ!”

