ਸਮਰਾਲਾ ਦੇ ਘੁਲਾਲ ਟੋਲ ਪਲਾਜ਼ਾ ‘ਤੇ ਕਿਸਾਨ ਅਤੇ ਨਿਹੰਗ ਜਥੇਬੰਦੀਆਂ ਹੋਈਆਂ ਇਕੱਤਰ
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਅੱਜ ਪੂਰੇ ਪੰਜਾਬ ਵਿੱਚ ਟੋਲ ਪਲਾਜ਼ਿਆਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਫਰੀ ਕਰਨ ਦੀ ਕਾਲ ਦਿੱਤੀ ਗਈ।
ਇਸ ਕਾਲ ਦੇ ਤਹਿਤ ਵੱਖ-ਵੱਖ ਥਾਵਾਂ ‘ਤੇ ਜਥੇਬੰਦੀਆਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤੇ ਗਏ।
ਇਸੇ ਕੜੀ ਤਹਿਤ ਸਮਰਾਲਾ ਦੇ ਘੁਲਾਲ ਟੋਲ ਪਲਾਜ਼ਾ ‘ਤੇ ਕਿਸਾਨ ਜਥੇਬੰਦੀਆਂ ਅਤੇ ਨਿਹੰਗ ਜਥੇਬੰਦੀਆਂ ਸਵੇਰ ਤੋਂ ਹੀ ਇਕੱਤਰ ਹੋ ਗਈਆਂ ਅਤੇ ਟੋਲ ਪਲਾਜ਼ਾ ਫਰੀ ਕਰ ਦਿੱਤਾ ਗਿਆ। ਇਸ ਦੌਰਾਨ ਟੋਲ ਪਲਾਜ਼ੇ ਤੋਂ ਲੰਘ ਰਹੀਆਂ ਗੱਡੀਆਂ ਬਿਨਾਂ ਟੋਲ ਟੈਕਸ ਦਿੱਤੇ ਨਿਕਲਦੀਆਂ ਰਹੀਆਂ।
ਮੌਕੇ ‘ਤੇ ਮੌਜੂਦ ਆਗੂਆਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਸਿੱਖ ਸੰਗਤ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੈ, ਜਿਸ ‘ਤੇ ਸਰਕਾਰ ਨੂੰ ਸੰਵੇਦਨਸ਼ੀਲਤਾ ਨਾਲ ਵਿਚਾਰ ਕਰਦੇ ਹੋਏ ਜਲਦ ਫੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਧਾਰਮਿਕ ਬੇਅਦਬੀ ਦੇ ਮਾਮਲਿਆਂ ‘ਤੇ ਵੀ ਸਖ਼ਤ ਰੁਖ ਅਪਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੇ ਮਾਮਲਿਆਂ ਲਈ ਕੜੇ ਕਾਨੂੰਨ ਬਣਾਏ ਜਾਣ ਤਾਂ ਜੋ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲ ਸਕੇ।