MH370 ਭਾਲ ਮੁਹਿੰਮ ਮੁੜ ਸ਼ੁਰੂ: 11 ਸਾਲ ਬਾਅਦ ਮਲੇਸ਼ੀਆ ਨੇ ਦਿੱਤਾ ਵੱਡਾ ਅਪਡੇਟ

ਮਲੇਸ਼ੀਆ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਵਿਸ਼ਵ ਦੀ ਸਭ ਤੋਂ ਜ਼ਿਆਦਾ ਚਰਚਿਤ ਹਵਾਈ ਦੁਰਘਟਨਾਵਾਂ ‘ਚੋਂ ਇੱਕ—ਮਲੇਸ਼ੀਆ ਏਅਰਲਾਈਨਜ਼ ਉਡਾਣ MH370—ਦੀ ਭਾਲ ਮੁਹਿੰਮ ਮੁੜ ਸ਼ੁਰੂ ਕੀਤੀ ਜਾ ਰਹੀ ਹੈ। ਇਹ ਭਾਲ 30 ਦਸੰਬਰ ਤੋਂ ਦੱਖਣੀ ਭਾਰਤੀ ਮਹਾਂਸਾਗਰ ਦੇ ਇੱਕ ਨਿਰਧਾਰਤ ਖੇਤਰ ਵਿੱਚ ਕੀਤੀ ਜਾਵੇਗੀ।

MH370, ਇੱਕ ਬੋਇੰਗ 777-200ER, 8 ਮਾਰਚ 2014 ਨੂੰ ਕੁਆਲਾਲੰਪੁਰ ਤੋਂ ਬੀਜਿੰਗ ਲਈ ਉਡਿਆ ਸੀ ਪਰ ਕੁਝ ਸਮੇਂ ਬਾਅਦ ਰਡਾਰ ਤੋਂ ਗਾਇਬ ਹੋ ਗਿਆ। ਜਹਾਜ਼ ਵਿੱਚ 239 ਯਾਤਰੀ ਸਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਚੀਨ ਦੇ ਨਾਗਰਿਕਾਂ ਦੀ ਸੀ।

ਸੈਟੇਲਾਈਟ ਵਿਸ਼ਲੇਸ਼ਣ ਤੋਂ ਬਾਅਦ ਮੰਨਿਆ ਗਿਆ ਕਿ ਜਹਾਜ਼ ਆਪਣੀ ਮੁੱਲ ਉਡਾਣ ਦੇ ਰੂਟ ਤੋਂ ਹਟਕੇ ਗਹਿਰੇ ਦੱਖਣੀ ਹਿੰਦ ਮਹਾਂਸਾਗਰ ਵੱਲ  ਗਿਆ ਅਤੇ ਉੱਥੇ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਲੰਬੇ ਸਮੇਂ ਤੱਕ ਚੱਲੀਆਂ ਕਈ ਅੰਤਰਰਾਸ਼ਟਰੀ ਭਾਲ ਮੁਹਿੰਮਾਂ ਦੇ ਬਾਵਜੂਦ, ਜਹਾਜ਼ ਦਾ ਮੁੱਖ ਮਲਬਾ ਅਜੇ ਤੱਕ ਨਹੀਂ ਮਿਲ ਸਕਿਆ।

ਆਖਰੀ ਵਾਰ 2018 ਵਿੱਚ ਵੀ ਇੱਕ ਵੱਡੀ ਖੋਜ ਕੀਤੀ ਗਈ ਸੀ ਪਰ ਨਤੀਜੇ ਨਿਰਾਸ਼ਾਜਨਕ ਰਹੇ।

ਹੁਣ, ਮਲੇਸ਼ੀਆ ਦੇ ਟਰਾਂਸਪੋਰਟ ਮੰਤਰੀ ਅਨੁਸਾਰ, ਅਮਰੀਕੀ ਰੋਬੋਟਿਕਸ ਕੰਪਨੀ ਓਸ਼ੀਅਨ ਇਨਫਿਨਿਟੀ (Ocean Infinity) 55 ਦਿਨਾਂ ਦੀ ਨਵੀ ਮੁਹਿੰਮ ਚਲਾਏਗੀ। ਇਹ ਕੰਪਨੀ ਅਡਵਾਂਸਡ ਅੰਡਰਵਾਟਰ ਰੋਬੋਟਿਕ ਤਕਨਾਲੋਜੀ ਦੀ ਮਦਦ ਨਾਲ ਉਹ ਖੇਤਰ ਖੰਗਾਲੇਗੀ ਜਿੱਥੇ ਜਹਾਜ਼ ਦੇ ਮਿਲਣ ਦੀ ਸਭ ਤੋਂ ਵੱਧ ਸੰਭਾਵਨਾ ਹੈ।

ਮਲੇਸ਼ੀਆ ਸਰਕਾਰ ਦਾ ਮੰਨਣਾ ਹੈ ਕਿ ਜੇਕਰ ਇਸ ਵਾਰੀ ਮੁੱਖ ਸਬੂਤ ਮਿਲਦੇ ਹਨ, ਤਾਂ ਇਹ ਸਿਰਫ਼ ਪਰਿਵਾਰਾਂ ਲਈ ਨਹੀਂ, ਸਗੋਂ ਪੂਰੀ ਦੁਨੀਆ ਲਈ ਇੱਕ ਮਹੱਤਵਪੂਰਨ ਮੋੜ ਹੋਵੇਗਾ।

Leave a Reply

Your email address will not be published. Required fields are marked *