
ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ‘ਚ ਹੋਏ ਇਕ ਦਰਦਨਾਕ ਹਾਦਸੇ ਨੇ ਪੰਜਾਬ ਦੇ ਇਕ ਪਰਿਵਾਰ ਦੀ ਦੁਨੀਆ ਹੀ ਉਜਾੜ ਕੇ ਰੱਖ ਦਿੱਤੀ। ਪਿੰਡ ਬਰਾੜ ਤੋਂ ਸੰਬੰਧਤ ਹਰਨੂਰ ਸਿੰਘ ਪੁੱਤਰ ਹਰਪਾਲ ਸਿੰਘ ਦੀ ਟਰੱਕ ਹਾਦਸੇ ‘ਚ ਮੌਤ ਹੋ ਗਈ।
ਹਰਨੂਰ ਸਿੰਘ 2018 ‘ਚ ਆਪਣੇ ਸੁਪਨੇ ਲੈ ਕੇ ਆਸਟ੍ਰੇਲੀਆ ਗਿਆ ਸੀ। ਕਈ ਮੁਸ਼ਕਿਲਾਂ ਅਤੇ ਧੱਕੇ ਖਾ ਕੇ ਉਹ ਪੀਆਰ ਲੈਣ ਵਿੱਚ ਕਾਮਯਾਬ ਹੋਇਆ ਸੀ। ਹਾਲ ਹੀ ‘ਚ ਉਹ ਇੱਕ ਟਰੱਕ ਕੰਪਨੀ ‘ਚ ਕੰਮ ਕਰ ਰਿਹਾ ਸੀ। ਬੀਤੇ ਦਿਨ ਉਹ ਸਿਡਨੀ ਤੋਂ ਐਡੀਲੇਡ ਜਾ ਰਿਹਾ ਸੀ, ਪਰ ਰਸਤੇ ‘ਚ ਹੋਏ ਇੱਕ ਭਿਆਨਕ ਟਰੱਕ ਹਾਦਸੇ ਨੇ ਉਸਦੀ ਜਿੰਦਗੀ ਖਤਮ ਕਰ ਦਿੱਤੀ।
ਜਦੋਂ ਇਹ ਦੁਖਦਾਈ ਖ਼ਬਰ ਪਰਿਵਾਰ ਤੱਕ ਪਹੁੰਚੀ, ਤਾਂ ਪਿੰਡ ਬਰਾੜ ‘ਚ ਸੋਗ ਦੀ ਲਹਿਰ ਛਾ ਗਈ। ਮਾਤਾ-ਪਿਤਾ ਦਾ ਇਕਲੌਤਾ ਪੁੱਤਰ, ਜੋ ਪਰਦੇਸ ‘ਚ ਆਪਣਾ ਘਰ ਬਣਾਉਣ ਦੇ ਸੁਪਨੇ ਵੇਖ ਰਿਹਾ ਸੀ, ਅੱਜ ਓਹ ਸੁਪਨਾ ਅਧੂਰਾ ਛੱਡ ਕੇ ਚਲਾ ਗਿਆ। ਹਰਨੂਰ ਦੇ ਪਿਤਾ ਹਰਪਾਲ ਸਿੰਘ ਨੇ ਭਰੇ ਹੋਏ ਮਨ ਨਾਲ ਦੱਸਿਆ ਕਿ, “ਉਹ ਸਾਡਾ ਇਕਲੌਤਾ ਪੁੱਤਰ ਸੀ, ਜਿਸ ਦੀ ਖੁਸ਼ੀਆਂ ਲਈ ਅਸੀਂ ਹਰ ਕੁਝ ਕੀਤਾ। ਅਸੀਂ ਚਾਹੁੰਦੇ ਹਾਂ ਕਿ ਉਸਦੀ ਮ੍ਰਿਤਕ ਦੇਹ ਪੰਜਾਬ ਲਿਆਈ ਜਾਵੇ, ਤਾਂ ਜੋ ਅਸੀਂ ਉਸਨੂੰ ਅਖੀਰਲੀ ਵਾਰੀ ਵੇਖ ਸਕੀਏ।”
ਪਰਿਵਾਰ ਨੇ ਪੰਜਾਬ ਸਰਕਾਰ ਅਤੇ ਦੋਨੋ ਦੇਸ਼ਾਂ ਦੀ ਸਰਕਾਰਾਂ ਕੋਲ ਮਦਦ ਦੀ ਅਪੀਲ ਕੀਤੀ ਹੈ, ਤਾਂ ਜੋ ਹਰਨੂਰ ਸਿੰਘ ਦੀ ਮ੍ਰਿਤਕ ਦੇਹ ਜਲਦੀ ਤੋਂ ਜਲਦੀ ਵਾਪਸ ਲਿਆ ਕੇ, ਧਰਮਕ ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਜਾ ਸਕੇ।
ਇਹ ਹਾਦਸਾ ਸਿਰਫ ਇੱਕ ਪਰਿਵਾਰ ਦੀ ਹੀ ਨਹੀਂ, ਸਗੋਂ ਸਾਰੇ ਪੰਜਾਬੀ ਭਾਈਚਾਰੇ ਦੀ ਵੀ ਅੱਖੀਆਂ ਭਿੱਜਾ ਗਿਆ।